Menu

ਉਤਪਤ 46

IRV

1 ਤਦ ਇਸਰਾਏਲ ਨੇ ਆਪਣਾ ਸਭ ਕੁਝ ਲੈ ਕੇ ਕੂਚ ਕੀਤਾ ਅਤੇ ਬਏਰਸ਼ਬਾ ਨੂੰ ਆਇਆ ਅਤੇ ਆਪਣੇ ਪਿਤਾ ਇਸਹਾਕ ਦੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਈਆਂ। 2 ਪਰਮੇਸ਼ੁਰ ਨੇ ਇਸਰਾਏਲ ਨੂੰ ਰਾਤ ਦੇ ਸਮੇਂ ਦਰਸ਼ਣ ਦੇ ਕੇ ਆਖਿਆ, ਯਾਕੂਬ! ਯਾਕੂਬ! ਉਸ ਨੇ ਆਖਿਆ, ਮੈਂ ਹਾਜ਼ਰ ਹਾਂ। 3 ਉਸ ਆਖਿਆ, ਮੈਂ ਪਰਮੇਸ਼ੁਰ, ਤੇਰੇ ਪਿਤਾ ਦਾ ਪਰਮੇਸ਼ੁਰ ਹਾਂ। 4 ਮਿਸਰ ਵੱਲ ਜਾਣ ਤੋਂ ਨਾ ਡਰ, ਕਿਉਂ ਜੋ ਮੈਂ ਉੱਥੇ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਤੇ ਮੈਂ ਤੇਰੇ ਅੰਗ-ਸੰਗ ਮਿਸਰ ਵਿੱਚ ਚੱਲਾਂਗਾ ਅਤੇ ਸੱਚ-ਮੁੱਚ ਮੈਂ ਤੈਨੂੰ ਉੱਥੋਂ ਫੇਰ ਲੈ ਆਵਾਂਗਾ ਅਤੇ ਯੂਸੁਫ਼ ਆਪਣੇ ਹੱਥਾਂ ਨਾਲ ਤੇਰੀਆਂ ਅੱਖਾਂ ਬੰਦ ਕਰੇਗਾ। 5 ਯਾਕੂਬ ਬਏਰਸ਼ਬਾ ਤੋਂ ਉੱਠਿਆ ਅਤੇ ਇਸਰਾਏਲ ਦੇ ਪੁੱਤਰ, ਆਪਣੇ ਪਿਤਾ ਯਾਕੂਬ ਨੂੰ ਅਤੇ ਆਪਣੇ ਛੋਟੇ ਬੱਚਿਆਂ ਅਤੇ ਆਪਣੀਆਂ ਪਤਨੀਆਂ ਨੂੰ ਗੱਡਿਆਂ ਉੱਤੇ ਲੈ ਚੱਲੇ, ਜਿਹੜੇ ਫ਼ਿਰਊਨ ਨੇ ਉਨ੍ਹਾਂ ਨੂੰ ਲਿਆਉਣ ਲਈ ਭੇਜੇ ਸਨ। 6 ਉਨ੍ਹਾਂ ਨੇ ਆਪਣੇ ਪਸ਼ੂ ਅਤੇ ਆਪਣਾ ਸਾਰਾ ਸਮਾਨ ਜਿਹੜਾ ਉਨ੍ਹਾਂ ਨੇ ਕਨਾਨ ਦੇਸ਼ ਵਿੱਚ ਕਮਾਇਆ ਸੀ, ਲੈ ਲਿਆ ਅਤੇ ਯਾਕੂਬ ਅਤੇ ਉਸ ਦਾ ਸਾਰਾ ਵੰਸ਼ ਉਸ ਦੇ ਨਾਲ ਮਿਸਰ ਵਿੱਚ ਆਇਆ 7 ਅਰਥਾਤ ਉਹ ਆਪਣੇ ਪੁੱਤਰ-ਧੀਆਂ, ਪੋਤੇ-ਪੋਤੀਆਂ ਅਤੇ ਆਪਣਾ ਸਾਰਾ ਵੰਸ਼ ਆਪਣੇ ਨਾਲ ਲੈ ਕੇ ਆਇਆ। 8 ਇਸਰਾਏਲ ਦੇ ਪੁੱਤਰਾਂ ਦੇ ਨਾਮ ਇਹ ਹਨ, ਜਿਹੜੇ ਮਿਸਰ ਵਿੱਚ ਆਏ: ਯਾਕੂਬ ਅਤੇ ਉਸ ਦਾ ਪਹਿਲੌਠਾ ਪੁੱਤਰ ਰਊਬੇਨ। 9 ਰਊਬੇਨ ਦੇ ਪੁੱਤਰ: ਹਨੋਕ, ਪੱਲੂ, ਹਸਰੋਨ ਅਤੇ ਕਰਮੀ। 10 ਸ਼ਿਮਓਨ ਦੇ ਪੁੱਤਰ: ਯਮੂਏਲ, ਯਾਮੀਨ, ਓਹਦ, ਯਾਕੀਨ, ਸੋਹਰ ਅਤੇ ਸਾਊਲ ਜੋ ਕਨਾਨੀ ਇਸਤਰੀ ਦਾ ਪੁੱਤਰ ਸੀ। 11 ਲੇਵੀ ਦੇ ਪੁੱਤਰ: ਗੇਰਸ਼ੋਨ, ਕਹਾਥ ਅਤੇ ਮਰਾਰੀ। 12 ਯਹੂਦਾਹ ਦੇ ਪੁੱਤਰ: ਏਰ, ਓਨਾਨ, ਸ਼ੇਲਾਹ, ਪਰਸ ਅਤੇ ਜ਼ਰਹ। ਪਰ ਏਰ ਅਤੇ ਓਨਾਨ ਕਨਾਨ ਦੇਸ਼ ਵਿੱਚ ਮਰ ਗਏ ਅਤੇ ਫਰਸ ਦੇ ਪੁੱਤਰ ਹਸਰੋਨ ਅਤੇ ਹਾਮੂਲ ਸਨ। 13 ਯਿੱਸਾਕਾਰ ਦੇ ਪੁੱਤਰ: ਤੋਲਾ, ਪੁੱਵਾਹ, ਯੋਬ ਅਤੇ ਸ਼ਿਮਰੋਨ। 14 ਜ਼ਬੂਲੁਨ ਦੇ ਪੁੱਤਰ: ਸਰਦ, ਏਲੋਨ ਅਤੇ ਯਹਲਏਲ। 15 ਲੇਆਹ ਦੇ ਪੁੱਤਰ ਇਹ ਸਨ, ਜਿਨ੍ਹਾਂ ਨੂੰ ਉਸ ਨੇ ਆਪਣੀ ਧੀ ਦੀਨਾਹ ਸਮੇਤ ਪਦਨ ਅਰਾਮ ਵਿੱਚ ਜਨਮ ਦਿੱਤਾ। ਉਹ ਸਾਰੇ ਪ੍ਰਾਣੀ ਅਰਥਾਤ ਉਸ ਦੇ ਪੁੱਤਰ ਅਤੇ ਉਸ ਦੀਆਂ ਧੀਆਂ ਤੇਂਤੀ ਸਨ। 16 ਗਾਦ ਦੇ ਪੁੱਤਰ: ਸਿਫਯੋਨ, ਹੱਗੀ, ਸੂਨੀ, ਅਸਬੋਨ, ਏਰੀ, ਅਰੋਦੀ ਅਤੇ ਅਰਏਲੀ ਸਨ। 17 ਆਸ਼ੇਰ ਦੇ ਪੁੱਤਰ: ਯਿਮਨਾਹ, ਯਿਸ਼ਵਾਹ, ਯਿਸ਼ਵੀ, ਬਰੀਆਹ ਅਤੇ ਸਰਹ ਉਨ੍ਹਾਂ ਦੀ ਭੈਣ। ਬਰੀਆਹ ਦੇ ਪੁੱਤਰ ਹੇਬਰ ਅਤੇ ਮਲਕੀਏਲ ਸਨ। 18 ਇਹ ਜਿਲਫਾਹ ਦੇ ਪੁੱਤਰ ਸਨ, ਜਿਸ ਨੂੰ ਲਾਬਾਨ ਨੇ ਆਪਣੀ ਧੀ ਲੇਆਹ ਨੂੰ ਦਿੱਤਾ ਸੀ, ਉਸ ਨੇ ਯਾਕੂਬ ਲਈ ਇਨ੍ਹਾਂ ਸੋਲ਼ਾਂ ਪ੍ਰਾਣੀਆਂ ਨੂੰ ਜਨਮ ਦਿੱਤਾ। 19 ਯਾਕੂਬ ਦੀ ਪਤਨੀ ਰਾਖ਼ੇਲ ਦੇ ਪੁੱਤਰ ਯੂਸੁਫ਼ ਅਤੇ ਬਿਨਯਾਮੀਨ ਸਨ। 20 ਯੂਸੁਫ਼ ਤੋਂ ਮਿਸਰ ਦੇਸ਼ ਵਿੱਚ ਊਨ ਦੇ ਜਾਜਕ ਪੋਟੀ-ਫ਼ਰਾ ਦੀ ਧੀ ਆਸਨਥ ਨੇ ਮਨੱਸ਼ਹ ਅਤੇ ਇਫ਼ਰਾਈਮ ਨੂੰ ਜਨਮ ਦਿੱਤਾ। 21 ਬਿਨਯਾਮੀਨ ਦੇ ਪੁੱਤਰ: ਬਲਾ, ਬਕਰ, ਅਸ਼ਬੇਲ, ਗੇਰਾ, ਨਅਮਾਨ, ਏਹੀ, ਰੋਸ਼, ਮੁੱਫੀਮ, ਹੁੱਪੀਮ ਅਤੇ ਅਰਦ ਸਨ। 22 ਇਹ ਰਾਖ਼ੇਲ ਦੇ ਪੁੱਤਰ ਸਨ, ਜਿਹਨਾਂ ਨੂੰ ਉਸ ਨੇ ਯਾਕੂਬ ਲਈ ਜੰਮਿਆ ਸੀ, ਉਹ ਸਾਰੇ ਚੌਦਾਂ ਪ੍ਰਾਣੀ ਸਨ। 23 ਦਾਨ ਦਾ ਪੁੱਤਰ ਹੁਸ਼ੀਮ ਸੀ। 24 ਨਫ਼ਤਾਲੀ ਦੇ ਪੁੱਤਰ: ਯਹਸਏਲ, ਗੂਨੀ, ਯੇਸਰ ਅਤੇ ਸ਼ਿੱਲੇਮ ਸਨ। 25 ਇਹ ਬਿਲਹਾਹ ਦੇ ਪੁੱਤਰ ਸਨ, ਜਿਸ ਨੂੰ ਲਾਬਾਨ ਨੇ ਆਪਣੀ ਧੀ ਰਾਖ਼ੇਲ ਨੂੰ ਦਿੱਤਾ ਸੀ ਅਤੇ ਉਸ ਨੇ ਯਾਕੂਬ ਦੇ ਲਈ ਇਨ੍ਹਾਂ ਸੱਤ ਪ੍ਰਾਣੀ ਨੂੰ ਜਨਮ ਦਿੱਤਾ। 26 ਯਾਕੂਬ ਦੇ ਨਿੱਜ ਵੰਸ਼ ਵਿੱਚੋਂ ਸਾਰੇ ਪ੍ਰਾਣੀ ਜਿਹੜੇ ਉਸ ਦੇ ਨਾਲ ਮਿਸਰ ਵਿੱਚ ਆਏ, ਉਸ ਦੀਆਂ ਨੂੰਹਾਂ ਤੋਂ ਬਿਨ੍ਹਾਂ ਛਿਆਹਠ ਪ੍ਰਾਣੀ ਸਨ। 27 ਯੂਸੁਫ਼ ਦੇ ਪੁੱਤਰ ਜਿਹੜੇ ਉਸ ਤੋਂ ਮਿਸਰ ਵਿੱਚ ਜੰਮੇ ਦੋ ਪ੍ਰਾਣੀ ਸਨ। ਇਸ ਤਰ੍ਹਾਂ ਉਹ ਸਾਰੇ ਜਿਹੜੇ ਯਾਕੂਬ ਦੇ ਘਰਾਣੇ ਤੋਂ ਮਿਸਰ ਵਿੱਚ ਆਏ ਸਨ, ਸੱਤਰ ਪ੍ਰਾਣੀ ਸਨ। 28 ਉਸ ਨੇ ਯਹੂਦਾਹ ਨੂੰ ਯੂਸੁਫ਼ ਦੇ ਕੋਲ ਆਪਣੇ ਅੱਗੇ-ਅੱਗੇ ਭੇਜਿਆ ਤਾਂ ਜੋ ਉਹ ਉਸ ਨੂੰ ਗੋਸ਼ਨ ਦਾ ਰਾਹ ਵਿਖਾਵੇ, ਅਤੇ ਓਹ ਗੋਸ਼ਨ ਦੇ ਦੇਸ਼ ਵਿੱਚ ਆਏ। 29 ਤਦ ਯੂਸੁਫ਼ ਨੇ ਆਪਣਾ ਰਥ ਜੋੜਿਆ ਅਤੇ ਆਪਣੇ ਪਿਤਾ ਇਸਰਾਏਲ ਨੂੰ ਮਿਲਣ ਲਈ ਗੋਸ਼ਨ ਨੂੰ ਗਿਆ ਅਤੇ ਉਸ ਦੇ ਅੱਗੇ ਹਾਜ਼ਰ ਹੋਇਆ ਅਤੇ ਉਸ ਦੇ ਗਲ਼ ਲੱਗਾ ਅਤੇ ਬਹੁਤ ਦੇਰ ਤੱਕ ਉਸ ਦੇ ਗਲ਼ ਨਾਲ ਲੱਗ ਕੇ ਰੋਇਆ। 30 ਫੇਰ ਇਸਰਾਏਲ ਨੇ ਯੂਸੁਫ਼ ਨੂੰ ਆਖਿਆ, ਹੁਣ ਮੈਨੂੰ ਮਰਨ ਦੇ ਕਿਉਂ ਜੋ ਮੈਂ ਤੇਰਾ ਮੂੰਹ ਵੇਖ ਲਿਆ ਹੈ ਕਿ ਤੂੰ ਅਜੇ ਜੀਉਂਦਾ ਹੈ। 31 ਤਦ ਯੂਸੁਫ਼ ਨੇ ਆਪਣੇ ਭਰਾਵਾਂ ਅਤੇ ਆਪਣੇ ਪਿਤਾ ਦੇ ਘਰਾਣੇ ਨੂੰ ਆਖਿਆ, ਮੈਂ ਫ਼ਿਰਊਨ ਕੋਲ ਖ਼ਬਰ ਦੇਣ ਜਾਂਦਾ ਹਾਂ ਅਤੇ ਉਸ ਨੂੰ ਆਖਾਂਗਾ ਕਿ ਮੇਰੇ ਭਰਾ ਅਤੇ ਮੇਰੇ ਪਿਤਾ ਦਾ ਘਰਾਣਾ, ਜਿਹੜਾ ਕਨਾਨ ਦੇਸ਼ ਵਿੱਚ ਸੀ, ਮੇਰੇ ਕੋਲ ਆ ਗਿਆ ਹੈ। 32 ਓਹ ਮਨੁੱਖ ਆਜੜੀ ਹਨ ਕਿਉਂ ਜੋ ਓਹ ਪਸ਼ੂਆਂ ਨੂੰ ਪਾਲਣ ਵਾਲੇ ਹਨ ਅਤੇ ਓਹ ਆਪਣੇ ਇੱਜੜ ਅਤੇ ਵੱਗ ਅਤੇ ਸਭ ਕੁਝ ਜੋ ਉਨ੍ਹਾਂ ਦਾ ਹੈ, ਨਾਲ ਲੈ ਕੇ ਆਏ ਹਨ। 33 ਜਦ ਫ਼ਿਰਊਨ ਤੁਹਾਨੂੰ ਬੁਲਾਏ ਅਤੇ ਪੁੱਛੇ ਕਿ ਤੁਸੀਂ ਕੀ ਕੰਮ ਕਰਦੇ ਹੋ? 34 ਤਦ ਤੁਸੀਂ ਇਹ ਆਖਣਾ, ਤੁਹਾਡੇ ਦਾਸ ਜਵਾਨੀ ਤੋਂ ਲੈ ਕੇ ਹੁਣ ਤੱਕ ਪਸ਼ੂ ਪਾਲਦੇ ਰਹੇ ਹਨ, ਅਸੀਂ ਵੀ ਅਤੇ ਸਾਡੇ ਪਿਓ ਦਾਦੇ ਵੀ ਤਦ ਤੁਸੀਂ ਗੋਸ਼ਨ ਦੇਸ਼ ਵਿੱਚ ਵੱਸ ਜਾਓਗੇ ਕਿਉਂ ਜੋ ਮਿਸਰੀ ਸਾਰੇ ਆਜੜੀਆਂ ਤੋਂ ਘਿਰਣਾ ਕਰਦੇ ਹਨ।

Everything we make is available for free because of a generous community of supporters.

Donate