Menu

ਯਸਾਯਾਹ 24

IRV

1 ਵੇਖੋ, ਯਹੋਵਾਹ ਧਰਤੀ ਨੂੰ ਸੁੰਨੀ ਕਰੇਗਾ, ਅਤੇ ਉਹ ਨੂੰ ਵਿਰਾਨ ਕਰੇਗਾ, ਉਹ ਦੀ ਪਰਤ ਵਿਗਾੜ ਦੇਵੇਗਾ, ਅਤੇ ਉਹ ਦੇ ਵਾਸੀਆਂ ਨੂੰ ਖਿਲਾਰ ਦੇਵੇਗਾ। 2 ਤਦ ਅਜਿਹਾ ਹੋਵੇਗਾ ਕਿ ਜਿਵੇਂ ਲੋਕ ਤਿਵੇਂ ਜਾਜਕ, ਜਿਵੇਂ ਦਾਸ ਤਿਵੇਂ ਉਹ ਦਾ ਮਾਲਕ, ਜਿਵੇਂ ਦਾਸੀ ਤਿਵੇਂ ਉਹ ਦੀ ਮਾਲਕਣ, ਜਿਵੇਂ ਮੁੱਲ ਲੈਣ ਵਾਲਾ ਤਿਵੇਂ ਮੁੱਲ ਦੇਣ ਵਾਲਾ, ਜਿਵੇਂ ਕਰਜਾ ਦੇਣ ਵਾਲਾ ਤਿਵੇਂ ਕਰਜਾ ਲੈਣ ਵਾਲਾ, ਜਿਵੇਂ ਬਿਆਜ ਲੈਣ ਵਾਲਾ ਤਿਵੇਂ ਬਿਆਜ ਦੇਣ ਵਾਲਾ ਹੋਵੇਗਾ। 3 ਧਰਤੀ ਸੁੰਨੀ ਹੀ ਸੁੰਨੀ ਕੀਤੀ ਜਾਵੇਗੀ, ਅਤੇ ਲੁੱਟੀ-ਪੁੱਟੀ ਜਾਵੇਗੀ, ਕਿਉਂ ਜੋ ਇਹ ਗੱਲ ਯਹੋਵਾਹ ਨੇ ਆਖੀ ਹੈ। 4 ਧਰਤੀ ਸੋਗ ਕਰਦੀ ਅਤੇ ਕੁਮਲਾ ਜਾਂਦੀ ਹੈ, ਜਗਤ ਢਿੱਲਾ ਪੈ ਜਾਂਦਾ ਅਤੇ ਕੁਮਲਾ ਜਾਂਦਾ ਹੈ, ਧਰਤੀ ਦੇ ਉੱਚੇ ਲੋਕ ਢਿੱਲੇ ਪੈ ਜਾਂਦੇ ਹਨ। 5 ਧਰਤੀ ਆਪਣੇ ਵਾਸੀਆਂ ਹੇਠ ਭਰਿਸ਼ਟ ਹੋਈ ਹੈ, ਕਿਉਂ ਜੋ ਉਹਨਾਂ ਨੇ ਬਿਵਸਥਾ ਦਾ ਉਲੰਘਣ ਕੀਤਾ, ਉਹਨਾਂ ਨੇ ਬਿਧੀਆਂ ਨੂੰ ਤੋੜ ਸੁੱਟਿਆ, ਉਹਨਾਂ ਨੇ ਸਦੀਪਕ ਨੇਮ ਨੂੰ ਭੰਨ ਦਿੱਤਾ। 6 ਇਸ ਲਈ ਇੱਕ ਸਰਾਪ ਧਰਤੀ ਨੂੰ ਖਾ ਗਿਆ ਹੈ, ਅਤੇ ਉਹ ਦੇ ਵਾਸੀ ਦੋਸ਼ੀ ਠਹਿਰੇ, ਇਸ ਲਈ ਧਰਤੀ ਦੇ ਵਾਸੀ ਭਸਮ ਹੋਏ, ਅਤੇ ਥੋੜ੍ਹੇ ਜਿਹੇ ਮਨੁੱਖ ਬਾਕੀ ਹਨ। 7 ਨਵੀਂ ਮੈਅ ਸੋਗ ਕਰਦੀ ਹੈ, ਵੇਲ ਕੁਮਲਾ ਗਈ ਹੈ, ਸਾਰੇ ਖੁਸ਼ ਦਿਲ ਹੌਂਕੇ ਭਰਦੇ ਹਨ। 8 ਡੱਫ਼ਾਂ ਦੀ ਖੁਸ਼ੀ ਬੰਦ ਹੋ ਗਈ, ਅਨੰਦ ਕਰਨ ਵਾਲਿਆਂ ਦਾ ਰੌਲ਼ਾ ਮੁੱਕ ਗਿਆ, ਬਰਬਤ ਦੀ ਖੁਸ਼ੀ ਬੰਦ ਹੋ ਗਈ। 9 ਉਹ ਮਧ ਗੀਤ ਦੇ ਨਾਲ ਨਹੀਂ ਪੀਂਦੇ, ਸ਼ਰਾਬ ਉਹ ਦੇ ਪੀਣ ਵਾਲਿਆਂ ਨੂੰ ਕੌੜੀ ਲੱਗਦੀ ਹੈ। 10 ਗੜਬੜੀ ਮਚਾਉਣ ਵਾਲਾ ਨਗਰ ਤੋੜਿਆ ਗਿਆ, ਹਰੇਕ ਘਰ ਲੰਘਣੋਂ ਬੰਦ ਕੀਤਾ ਗਿਆ। 11 ਚੌਕਾਂ ਵਿੱਚ ਮਧ ਲਈ ਰੌਲ਼ਾ ਹੈ, ਸਾਰਾ ਅਨੰਦ ਹਨੇਰ ਹੋ ਗਿਆ, ਧਰਤੀ ਦੀ ਖੁਸ਼ੀ ਮਿਟ ਗਈ ਹੈ। 12 ਸ਼ਹਿਰ ਵਿੱਚ ਬਰਬਾਦੀ ਰਹਿ ਗਈ, ਫਾਟਕ ਟੁੱਟਿਆ-ਭੱਜਿਆ ਪਿਆ ਹੈ। 13 ਧਰਤੀ ਉੱਤੇ ਦੇਸ਼-ਦੇਸ਼ ਦੇ ਲੋਕਾਂ ਦੇ ਵਿਚਕਾਰ ਅਜਿਹਾ ਹੋਵੇਗਾ, ਜਿਵੇਂ ਜ਼ੈਤੂਨ ਦਾ ਹਲੂਣਾ, ਜਿਵੇਂ ਅੰਗੂਰ ਤੋੜਨ ਦੇ ਪਿੱਛੋਂ ਰਹਿੰਦ-ਖੁਹੰਦ ਚੁਗਣਾ। 14 ਉਹ ਆਪਣੀ ਅਵਾਜ਼ ਚੁੱਕਣਗੇ, ਉਹ ਜੈਕਾਰੇ ਗਜਾਉਣਗੇ, ਉਹ ਯਹੋਵਾਹ ਦੇ ਤੇਜ ਦੇ ਕਾਰਨ ਸਮੁੰਦਰੋਂ ਲਲਕਾਰਨਗੇ। 15 ਇਸ ਲਈ ਪੂਰਬ ਵੱਲੋਂ ਯਹੋਵਾਹ ਦੀ ਮਹਿਮਾ ਕਰੋ, ਸਮੁੰਦਰ ਦੇ ਟਾਪੂਆਂ ਵਿੱਚ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੇ ਨਾਮ ਦੀ ਵਡਿਆਈ ਕਰੋ। 16 ਧਰਤੀ ਦੇ ਕੰਢੇ ਤੋਂ ਅਸੀਂ ਭਜਨ ਸੁਣਦੇ ਹਾਂ, “ਧਰਮੀ ਮਨੁੱਖ ਦਾ ਮਾਣ ਹੋਵੇ!।” ਪਰ ਮੈਂ ਆਖਿਆ, ਮੈਂ ਲਿੱਸਾ ਪੈ ਗਿਆ, ਮੈਂ ਲਿੱਸਾ ਪੈ ਗਿਆ! ਹਾਏ ਮੇਰੇ ਉੱਤੇ! ਠੱਗਾਂ ਨੇ ਠੱਗੀ ਕੀਤੀ! ਹਾਂ, ਠੱਗਾਂ ਨੇ ਠੱਗੀ ਕੀਤੀ! 17 ਹੇ ਧਰਤੀ ਦੇ ਵਾਸੀਓ, ਖੌਫ਼, ਭੋਹਰਾ ਤੇ ਫੰਦਾ ਤੁਹਾਡੇ ਉੱਤੇ ਹਨ! 18 ਅਜਿਹਾ ਹੋਵੇਗਾ ਕਿ ਖੌਫ਼ ਦੇ ਰੌਲ਼ੇ ਤੋਂ ਭੱਜਿਆ ਹੋਇਆ ਭੋਹਰੇ ਵਿੱਚ ਡਿੱਗੇਗਾ, ਅਤੇ ਭੋਹਰੇ ਵਿੱਚੋਂ ਉਤਾਹਾਂ ਆਇਆ ਹੋਇਆ ਫੰਦੇ ਵਿੱਚ ਫਸੇਗਾ, ਕਿਉਂ ਜੋ ਉੱਪਰੋਂ ਖਿੜਕੀਆਂ ਖੁੱਲ੍ਹ ਗਈਆਂ, ਅਤੇ ਧਰਤੀ ਦੀਆਂ ਨੀਹਾਂ ਹਿੱਲ ਗਈਆਂ ਹਨ। 19 ਧਰਤੀ ਪੂਰੀ ਤਰ੍ਹਾਂ ਹੀ ਟੁੱਟ ਗਈ, ਧਰਤੀ ਪੂਰੀ ਤਰ੍ਹਾਂ ਹੀ ਪਾਟ ਗਈ, ਧਰਤੀ ਪੂਰੀ ਤਰ੍ਹਾਂ ਹੀ ਹਿਲਾਈ ਗਈ। 20 ਧਰਤੀ ਸ਼ਰਾਬੀ ਵਾਂਗੂੰ ਡਗਮਗਾਉਂਦੀ ਹੈ, ਉਹ ਛੱਪਰ ਵਾਂਗੂੰ ਹੁਲਾਰੇ ਖਾਂਦੀ ਹੈ, ਉਹ ਦੇ ਅਪਰਾਧ ਦਾ ਭਾਰ ਉਹ ਦੇ ਉੱਤੇ ਹੈ, ਉਹ ਡਿੱਗ ਪਈ ਅਤੇ ਫੇਰ ਕਦੇ ਨਾ ਉੱਠੇਗੀ। 21 ਉਸ ਦਿਨ ਅਜਿਹਾ ਹੋਵੇਗਾ ਕਿ ਯਹੋਵਾਹ ਅਸਮਾਨੀ ਸੈਨਾਂ ਨੂੰ ਅਸਮਾਨ ਉੱਤੇ, ਅਤੇ ਜ਼ਮੀਨ ਦੇ ਰਾਜਿਆਂ ਨੂੰ ਜ਼ਮੀਨ ਉੱਤੇ ਸਜ਼ਾ ਦੇਵੇਗਾ। 22 ਜਿਵੇਂ ਗੁਲਾਮ ਭੋਹਰੇ ਵਿੱਚ ਇਕੱਠੇ ਕੀਤੇ ਜਾਂਦੇ ਹਨ, ਉਹ ਇਕੱਠੇ ਕੀਤੇ ਜਾਣਗੇ, ਉਹ ਕੈਦ ਵਿੱਚ ਕੈਦ ਕੀਤੇ ਜਾਣਗੇ, ਅਤੇ ਬਹੁਤਿਆਂ ਦਿਨਾਂ ਦੇ ਪਿੱਛੋਂ ਉਹਨਾਂ ਦੀ ਸੁੱਧ ਲਈ ਜਾਵੇਗੀ। 23 ਤਦ ਚੰਦ ਘਬਰਾ ਜਾਵੇਗਾ, ਅਤੇ ਸੂਰਜ ਲਾਜ ਖਾਵੇਗਾ, ਕਿਉਂ ਜੋ ਸੈਨਾਂ ਦਾ ਯਹੋਵਾਹ ਸੀਯੋਨ ਪਰਬਤ ਉੱਤੇ ਯਰੂਸ਼ਲਮ ਵਿੱਚ, ਅਤੇ ਆਪਣੀ ਪਰਜਾ ਦੇ ਬਜ਼ੁਰਗਾਂ ਦੇ ਅੱਗੇ ਪਰਤਾਪ ਨਾਲ ਰਾਜ ਕਰੇਗਾ।

Everything we make is available for free because of a generous community of supporters.

Donate