Menu

ਯਹੋਸ਼ੁਆ 11

IRV

1 ਜਦ ਹਾਸੋਰ ਦੇ ਰਾਜੇ ਯਾਬੀਨ ਨੇ ਇਹ ਸੁਣਿਆ ਤਾਂ ਉਸ ਨੇ ਮਾਦੋਨ ਦੇ ਰਾਜੇ ਯੋਬਾਬ ਅਤੇ ਸ਼ਿਮਰੋਨ ਦੇ ਰਾਜੇ ਅਤੇ ਅਕਸ਼ਾਫ਼ ਦੇ ਰਾਜੇ ਨੂੰ ਸੁਨੇਹਾ ਭੇਜਿਆ। 2 ਨਾਲੇ ਉਹਨਾਂ ਰਾਜਿਆਂ ਨੂੰ ਜਿਹੜੇ ਉਤਰ ਵੱਲ ਪਹਾੜੀ ਦੇਸ ਵਿੱਚ ਅਤੇ ਕਿੰਨਰਥ ਦੇ ਦੱਖਣ ਵੱਲ ਮੈਦਾਨ ਵਿੱਚ ਅਤੇ ਬੇਟ ਵਿੱਚ ਅਤੇ ਲਹਿੰਦੇ ਵੱਲ ਦੋਰ ਦੀਆਂ ਉਚਿਆਈਆਂ ਵਿੱਚ ਸਨ। 3 ਨਾਲੇ ਕਨਾਨੀਆਂ ਨੂੰ ਜਿਹੜੇ ਪੂਰਬ ਅਤੇ ਪੱਛਮ ਵੱਲ ਸਨ ਅਤੇ ਅਮੋਰੀਆਂ ਨੂੰ ਅਤੇ ਹਿੱਤੀਆਂ ਨੂੰ ਅਤੇ ਫ਼ਰਿੱਜ਼ੀਆਂ ਨੂੰ ਅਤੇ ਯਬੂਸੀਆਂ ਨੂੰ ਜਿਹੜੇ ਪਰਬਤ ਵਿੱਚ ਸਨ ਅਤੇ ਹਿੱਵੀਆਂ ਨੂੰ ਜਿਹੜੇ ਹਰਮੋਨ ਦੇ ਹੇਠ ਮਿਸਪਾਹ ਦੇ ਦੇਸ ਵਿੱਚ ਸਨ। 4 ਅਤੇ ਉਹ ਅਤੇ ਉਹਨਾਂ ਦੀਆਂ ਸਾਰੀਆਂ ਸੈਨਾਂ ਬਾਹਰ ਨਿੱਕਲੀਆਂ। ਉਹ ਢੇਰ ਸਾਰੇ ਲੋਕ ਗਿਣਤੀ ਵਿੱਚ ਸਮੁੰਦਰ ਦੇ ਕੰਢੇ ਦੀ ਰੇਤ ਵਾਂਗੂੰ ਸਨ ਨਾਲੇ ਘੋੜੇ ਅਤੇ ਰੱਥ ਵੀ ਬਹੁਤ ਹੀ ਸਨ। 5 ਤਾਂ ਇਹ ਸਾਰੇ ਰਾਜੇ ਇਕੱਠੇ ਹੋਏ ਅਤੇ ਆ ਕੇ ਉਹਨਾਂ ਨੇ ਮੇਰੋਮ ਦੇ ਪਾਣੀਆਂ ਕੋਲ ਡੇਰੇ ਲਾਏ ਤਾਂ ਜੋ ਇਸਰਾਏਲ ਨਾਲ ਯੁੱਧ ਕਰਨ। 6 ਉਸ ਤੋਂ ਬਾਅਦ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ, ਉਹਨਾਂ ਦੇ ਅੱਗੋਂ ਨਾ ਡਰ ਕਿਉਂ ਜੋ ਭਲਕੇ ਇਸੇ ਵੇਲੇ ਮੈਂ ਇਹਨਾਂ ਸਾਰਿਆਂ ਨੂੰ ਇਸਰਾਏਲ ਦੇ ਵੱਸ ਵਿੱਚ ਕਰਕੇ ਮਰਵਾ ਦਿਆਂਗਾ! ਤੂੰ ਉਹਨਾਂ ਦੇ ਘੋੜਿਆਂ ਦੀਆਂ ਵਾਗਾਂ ਵੱਢੇਂਗਾ ਅਤੇ ਉਹਨਾਂ ਦੇ ਰੱਥਾਂ ਨੂੰ ਅੱਗ ਨਾਲ ਸਾੜੇਂਗਾ। 7 ਸੋ ਯਹੋਸ਼ੁਆ ਅਤੇ ਉਹ ਦੇ ਨਾਲ ਸਾਰੇ ਯੋਧੇ ਉਹਨਾਂ ਦੇ ਵਿਰੁੱਧ ਮੇਰੋਮ ਦੇ ਪਾਣੀਆਂ ਕੋਲ ਅਚਾਨਕ ਉਹਨਾਂ ਉੱਤੇ ਆਣ ਪਏ। 8 ਅਤੇ ਯਹੋਵਾਹ ਨੇ ਉਹਨਾਂ ਨੂੰ ਇਸਰਾਏਲ ਦੇ ਹੱਥ ਵਿੱਚ ਦੇ ਦਿੱਤਾ ਸੋ ਉਹਨਾਂ ਨੇ ਉਹਨਾਂ ਨੂੰ ਮਾਰਿਆ ਅਤੇ ਵੱਡੇ ਸੀਦੋਨ ਤੱਕ ਅਤੇ ਮਿਸਰਫ਼ੋਥ-ਮਇਮ ਅਤੇ ਮਿਸਪੇਹ ਦੀ ਘਾਟੀ ਤੱਕ ਚੜ੍ਹਦੇ ਪਾਸੇ ਉਹਨਾਂ ਦਾ ਪਿੱਛਾ ਕੀਤਾ ਅਤੇ ਉਹਨਾਂ ਨੂੰ ਇਉਂ ਮਾਰਿਆ ਕਿ ਉਹਨਾਂ ਵਿੱਚੋਂ ਕਿਸੇ ਨੂੰ ਬਾਕੀ ਨਾ ਛੱਡਿਆ। 9 ਅਤੇ ਯਹੋਸ਼ੁਆ ਨੇ ਉਹਨਾਂ ਨਾਲ ਉਸੇ ਤਰ੍ਹਾਂ ਕੀਤਾ ਜਿਵੇਂ ਯਹੋਵਾਹ ਨੇ ਉਹ ਨੂੰ ਆਖਿਆ ਸੀ। ਉਸ ਉਹਨਾਂ ਦਿਆਂ ਘੋੜਿਆਂ ਦੀਆਂ ਨਾੜਾਂ ਨੂੰ ਵੱਢ ਸੁੱਟਿਆ ਅਤੇ ਉਹਨਾਂ ਦੇ ਰੱਥਾਂ ਨੂੰ ਅੱਗ ਨਾਲ ਸਾੜ ਦਿੱਤਾ। 10 ਤਾਂ ਇਸ ਸਮੇਂ ਯਹੋਸ਼ੁਆ ਮੁੜ ਆਇਆ ਅਤੇ ਹਾਸੋਰ ਨੂੰ ਲੈ ਲਿਆ ਅਤੇ ਉਸ ਦੇ ਰਾਜੇ ਨੂੰ ਤਲਵਾਰ ਨਾਲ ਵੱਢ ਸੁੱਟਿਆ ਕਿਉਂ ਜੋ ਹਾਸੋਰ ਪਹਿਲੇ ਸਮਿਆਂ ਵਿੱਚ ਇਹਨਾਂ ਸਾਰਿਆਂ ਰਾਜਿਆਂ ਦੀ ਰਾਜਧਾਨੀ ਸੀ। 11 ਉਹਨਾਂ ਨੇ ਸਾਰੇ ਪ੍ਰਾਣੀਆਂ ਨੂੰ ਜਿਹੜੇ ਉਸ ਦੇ ਵਿੱਚ ਸਨ ਤਲਵਾਰ ਦੀ ਧਾਰ ਨਾਲ ਵੱਢ ਕੇ ਉਹਨਾਂ ਦਾ ਸੱਤਿਆਨਾਸ ਕਰ ਸੁੱਟਿਆ। ਕੋਈ ਪ੍ਰਾਣੀ ਬਾਕੀ ਨਾ ਛੱਡਿਆ ਗਿਆ ਅਤੇ ਉਸ ਨੇ ਹਾਸੋਰ ਨੂੰ ਅੱਗ ਨਾਲ ਸਾੜ ਸੁੱਟਿਆ। 12 ਅਤੇ ਯਹੋਸ਼ੁਆ ਨੇ ਇਹਨਾਂ ਰਾਜਿਆਂ ਦੇ ਸਾਰੇ ਸ਼ਹਿਰ ਅਤੇ ਉਹਨਾਂ ਦੇ ਸਾਰੇ ਰਾਜੇ ਫੜ ਲਏ ਅਤੇ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਕੇ ਸੱਤਿਆਨਾਸ ਕਰ ਸੁੱਟਿਆ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਹੁਕਮ ਦਿੱਤਾ ਸੀ। 13 ਇਕੱਲੇ ਹਾਸੋਰ ਤੋਂ ਛੁੱਟ ਜਿਹ ਨੂੰ ਯਹੋਸ਼ੁਆ ਨੇ ਸਾੜ ਦਿੱਤਾ ਸੀ ਬਾਕੀ ਦੇ ਸਾਰੇ ਸ਼ਹਿਰਾਂ ਨੂੰ ਜਿਹੜੇ ਆਪੋ ਆਪਣੇ ਥਾਂ ਤੇ ਵੱਸੇ ਹੋਏ ਸਨ ਇਸਰਾਏਲ ਨੇ ਨਾ ਸਾੜਿਆ। 14 ਅਤੇ ਇਹਨਾਂ ਸ਼ਹਿਰਾਂ ਦੀ ਸਾਰੀ ਲੁੱਟ ਅਤੇ ਡੰਗਰ ਇਸਰਾਏਲੀਆਂ ਨੇ ਆਪਣੇ ਲਈ ਖੋਹ ਲਏ ਪਰ ਸਾਰੇ ਆਦਮੀਆਂ ਨੂੰ ਤਲਵਾਰ ਦੀ ਧਾਰ ਨਾਲ ਵੱਢ ਸੁੱਟਿਆ ਜਦ ਤੱਕ ਉਹਨਾਂ ਦਾ ਨਾਸ ਨਾ ਕਰ ਲਿਆ। ਕੋਈ ਪ੍ਰਾਣੀ ਬਾਕੀ ਨਾ ਛੱਡਿਆ। 15 ਜਿਵੇਂ ਯਹੋਵਾਹ ਨੇ ਆਪਣੇ ਦਾਸ ਮੂਸਾ ਨੂੰ ਹੁਕਮ ਦਿੱਤਾ ਸੀ, ਉਸੇ ਤਰ੍ਹਾਂ ਹੀ ਮੂਸਾ ਨੇ ਯਹੋਸ਼ੁਆ ਨੂੰ ਹੁਕਮ ਦਿੱਤਾ ਸੀ ਅਤੇ ਉਸੇ ਤਰ੍ਹਾਂ ਹੀ ਯਹੋਸ਼ੁਆ ਨੇ ਕੀਤਾ। ਜੋ ਕੁਝ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਸ ਨੇ ਕੋਈ ਗੱਲ ਬਾਕੀ ਨਾ ਛੱਡੀ। 16 ਇਸ ਤਰ੍ਹਾਂ ਯਹੋਸ਼ੁਆ ਨੇ ਇਹ ਸਾਰਾ ਦੇਸ ਲੈ ਲਿਆ ਅਰਥਾਤ ਇਹ ਪਹਾੜੀ ਦੇਸ, ਸਾਰਾ ਦੱਖਣ, ਗੋਸ਼ਨ ਦਾ ਸਾਰਾ ਦੇਸ, ਬੇਟ, ਮੈਦਾਨ, ਇਸਰਾਏਲ ਦਾ ਪਹਾੜੀ ਦੇਸ ਅਤੇ ਉਸ ਦਾ ਬੇਟ। 17 ਹਾਲਾਕ ਨਾਮੀ ਪਰਬਤ ਤੋਂ ਜਿਹੜਾ ਸੇਈਰ ਵੱਲ ਚੜ੍ਹਦਾ ਹੈ, ਬਆਲ ਗਾਦ ਤੱਕ ਜਿਹੜਾ ਲਬਾਨੋਨ ਦੀ ਘਾਟੀ ਵਿੱਚ ਹਰਮੋਨ ਪਰਬਤ ਦੇ ਹੇਠ ਹੈ ਅਤੇ ਉਹਨਾਂ ਦੇ ਸਾਰੇ ਰਾਜਿਆਂ ਨੂੰ ਫੜ ਲਿਆ ਅਤੇ ਜਾਨੋਂ ਮਾਰ ਦਿੱਤਾ। 18 ਯਹੋਸ਼ੁਆ ਬਹੁਤ ਸਮੇਂ ਤੱਕ ਇਹਨਾਂ ਸਾਰਿਆਂ ਰਾਜਿਆਂ ਨਾਲ ਯੁੱਧ ਕਰਦਾ ਰਿਹਾ। 19 ਹਿੱਵੀਆਂ ਤੋਂ ਛੁੱਟ ਜਿਹੜੇ ਗਿਬਓਨ ਦੇ ਵਸਨੀਕ ਸਨ ਕੋਈ ਸ਼ਹਿਰ ਨਹੀਂ ਸੀ ਜਿਸ ਨੇ ਇਸਰਾਏਲੀਆਂ ਨਾਲ ਸੁਲਾਹ ਕੀਤੀ ਹੋਵੇ ਸਗੋਂ ਉਹਨਾਂ ਨੇ ਸਾਰਿਆਂ ਨੂੰ ਯੁੱਧ ਨਾਲ ਜਿੱਤ ਲਿਆ। 20 ਕਿਉਂ ਜੋ ਇਹ ਯਹੋਵਾਹ ਵੱਲੋਂ ਹੋਇਆ ਕਿ ਉਹਨਾਂ ਦੇ ਮਨ ਕਠੋਰ ਹੋ ਗਏ ਅਤੇ ਉਹਨਾਂ ਨੇ ਇਸਰਾਏਲ ਨਾਲ ਯੁੱਧ ਕੀਤਾ ਤਾਂ ਜੋ ਉਹ ਉਹਨਾਂ ਦਾ ਸੱਤਿਆਨਾਸ ਕਰੇ ਅਤੇ ਉਹਨਾਂ ਉੱਤੇ ਕੋਈ ਦਯਾ ਨਾ ਹੋਵੇ ਪਰ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ ਉਹ ਉਹਨਾਂ ਦਾ ਨਾਸ ਕਰੇ। 21 ਫਿਰ ਉਸੇ ਸਮੇਂ ਯਹੋਸ਼ੁਆ ਨੇ ਆਣ ਕੇ ਅਨਾਕੀਆਂ ਨੂੰ ਪਹਾੜੀ ਦੇਸ ਵਿੱਚੋਂ ਵੱਢ ਸੁੱਟਿਆ ਅਰਥਾਤ ਹਬਰੋਨ, ਦਬੀਰ, ਅਨਾਬ ਅਤੇ ਯਹੂਦਾਹ ਦੇ ਸਾਰੇ ਪਹਾੜੀ ਦੇਸ ਅਤੇ ਇਸਰਾਏਲ ਦੇ ਸਾਰੇ ਪਹਾੜੀ ਦੇਸ ਤੋਂ ਯਹੋਸ਼ੁਆ ਨੇ ਉਹਨਾਂ ਦਾ ਨਾਲੇ ਉਹਨਾਂ ਦੇ ਸ਼ਹਿਰਾਂ ਦਾ ਸੱਤਿਆਨਾਸ ਕਰ ਸੁੱਟਿਆ। 22 ਇਸਰਾਏਲੀਆਂ ਦੇ ਦੇਸ ਵਿੱਚ ਕੋਈ ਅਨਾਕੀ ਬਾਕੀ ਨਾ ਰਿਹਾ, ਕੇਵਲ ਅੱਜ਼ਾਹ, ਗਥ ਅਤੇ ਅਸ਼ਦੋਦ ਵਿੱਚ ਕੁਝ ਬਾਕੀ ਰਹਿ ਗਏ। 23 ਸੋ ਯਹੋਸ਼ੁਆ ਨੇ ਇਹ ਸਾਰਾ ਦੇਸ ਲੈ ਲਿਆ ਜਿਵੇਂ ਹੀ ਯਹੋਵਾਹ ਮੂਸਾ ਨਾਲ ਬੋਲਿਆ ਸੀ ਅਤੇ ਯਹੋਸ਼ੁਆ ਨੇ ਉਹ ਨੂੰ ਇਸਰਾਏਲ ਲਈ ਉਹਨਾਂ ਦੇ ਗੋਤਾਂ ਦੇ ਹਿੱਸਿਆਂ ਅਨੁਸਾਰ ਮਿਲਖ਼ ਵਿੱਚ ਦੇ ਦਿੱਤਾ। ਇਸ ਲਈ ਉਸ ਦੇਸ ਨੂੰ ਯੁੱਧ ਤੋਂ ਅਰਾਮ ਮਿਲਿਆ।

Everything we make is available for free because of a generous community of supporters.

Donate