Menu

ਜ਼ਬੂਰ 148

IRV

1 ਹਲਲੂਯਾਹ! ਅਕਾਸ਼ੋਂ ਯਹੋਵਾਹ ਦੀ ਉਸਤਤ ਕਰੋ, ਉਚਿਆਈਆਂ ਵਿੱਚ ਉਹ ਦੀ ਉਸਤਤ ਕਰੋ! 2 ਹੇ ਉਹ ਦੇ ਸਾਰੇ ਦੂਤੋ, ਉਹ ਦੀ ਉਸਤਤ ਕਰੋ, ਹੇ ਉਹ ਦੀਓ ਸਾਰੀਓ ਸੈਨਾਵੋ, ਉਹ ਦੀ ਉਸਤਤ ਕਰੋ! 3 ਹੇ ਸੂਰਜ ਤੇ ਚੰਦ, ਉਹ ਦੀ ਉਸਤਤ ਕਰੋ, ਹੇ ਸਾਰੇ ਰੌਸ਼ਨ ਤਾਰਿਓ, ਉਹ ਦੀ ਉਸਤਤ ਕਰੋ! 4 ਹੇ ਅਕਾਸ਼ਾਂ ਦੇ ਅਕਾਸ਼ੋ, ਉਹ ਦੀ ਉਸਤਤ ਕਰੋ, ਨਾਲੇ ਪਾਣੀ ਜਿਹੜੇ ਅਕਾਸ਼ਾਂ ਦੇ ਉੱਤੇ ਹਨ! 5 ਇਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ, ਕਿਉਂ ਜੋ ਉਸ ਹੁਕਮ ਦਿੱਤਾ ਅਤੇ ਓਹ ਉਤਪੰਨ ਹੋਏ, 6 ਅਤੇ ਉਸ ਉਨ੍ਹਾਂ ਨੂੰ ਸਦਾ ਲਈ ਸਥਿਰ ਕੀਤਾ, ਉਸ ਨੇ ਇੱਕ ਬਿਧੀ ਦਿੱਤੀ ਜਿਹੜੀ ਅਟੱਲ ਹੈ। 7 ਹੇ ਜਲ ਜੰਤੂਓ ਤੇ ਸਾਰੀਓ ਡੁੰਘਿਆਈਓ, ਪ੍ਰਿਥਵੀ ਤੋਂ ਯਹੋਵਾਹ ਦੀ ਉਸਤਤ ਕਰੋ! 8 ਅੱਗ ਅਤੇ ਗੜ੍ਹੇ, ਬਰਫ਼ ਤੇ ਧੁੰਦ, ਤੂਫਾਨੀ ਹਵਾ ਜਿਹੜੀ ਉਹ ਦਾ ਹੁਕਮ ਪੂਰਾ ਕਰਦੀ ਹੈ, 9 ਪਰਬਤ ਤੇ ਸਾਰੇ ਟਿੱਬੇ, ਫਲਦਾਰ ਬਿਰਛ ਤੇ ਸਾਰੇ ਦਿਆਰ, 10 ਦਰਿੰਦੇ ਤੇ ਸਾਰੇ ਡੰਗਰ, ਘਿੱਸਰਨ ਵਾਲੇ ਤੇ ਪੰਖ ਪੰਛੀ, 11 ਧਰਤੀ ਦੇ ਰਾਜੇ ਤੇ ਸਾਰੀਆਂ ਉੱਮਤਾਂ, ਸਰਦਾਰ ਤੇ ਧਰਤੀ ਦੇ ਨਿਆਈਂ, 12 ਗੱਭਰੂ ਤੇ ਕੁਆਰੀਆਂ, ਬੁੱਢੇ ਤੇ ਜੁਆਨ, 13 ਇਹ ਯਹੋਵਾਹ ਦੇ ਨਾਮ ਦੀ ਉਸਤਤ ਕਰਨ! ਕਿਉਂ ਜੋ ਇਕੱਲਾ ਉਸੇ ਦਾ ਨਾਮ ਮਹਾਨ ਹੈ, ਉਹ ਦਾ ਤੇਜ ਧਰਤੀ ਤੇ ਅਕਾਸ਼ ਦੇ ਉੱਪਰ ਹੈ, 14 ਅਤੇ ਉਹ ਨੇ ਆਪਣੀ ਪਰਜਾ ਦੇ ਸਿੰਗ ਨੂੰ ਉੱਚਾ ਕੀਤਾ, ਇਹ ਉਹ ਦੇ ਸਾਰੇ ਸੰਤਾਂ ਲਈ ਉਸਤਤ ਦਾ ਕਾਰਨ ਹੈ, ਅਰਥਾਤ ਇਸਰਾਏਲੀਆਂ ਲਈ, ਜਿਹੜੇ ਉਹ ਦੇ ਨੇੜੇ ਦੇ ਲੋਕ ਹਨ, - ਹਲਲੂਯਾਹ!

Everything we make is available for free because of a generous community of supporters.

Donate